Genesis 2

1ਇਸ ਤਰ੍ਹਾਂ ਅਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੀ ਸਾਰੀ ਵੱਸੋਂ ਦੀ ਸਿਰਜਨਾ ਪੂਰੀ ਕੀਤੀ ਗਈ । 2ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਸੰਪੂਰਨ ਕੀਤਾ, ਉਸਨੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਆਰਾਮ ਕੀਤਾ । 3ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਦਿਨ ਨੂੰ ਪਵਿੱਤਰ ਠਹਿਰਾਇਆ ਕਿਉਂ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਉਸ ਨੇ ਰਚਿਆ ਸੀ, ਆਰਾਮ ਕੀਤਾ ।

4ਇਹ ਅਕਾਸ਼ ਅਤੇ ਧਰਤੀ ਦੀ ਸਿਰਜਨਾ ਦਾ ਵਰਣਨ ਹੈ ਜਦ ਓਹ ਉਤਪੰਨ ਹੋਏ ਅਰਥਾਤ ਜਿਸ ਦਿਨ ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ । 5ਮੈਦਾਨ ਦਾ ਕੋਈ ਪੌਦਾ ਅਜੇ ਧਰਤੀ ਉੱਤੇ ਨਹੀਂ ਸੀ, ਨਾ ਹੀ ਖੇਤ ਦਾ ਕੋਈ ਸਾਗ ਪੱਤ ਅਜੇ ਉਪਜਿਆ ਸੀ ਕਿਉਂ ਜੋ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਨੂੰ ਵਾਹੁਣ ਲਈ ਕੋਈ ਮਨੁੱਖ ਸੀ । 6ਪਰ ਧੁੰਦ ਧਰਤੀ ਤੋਂ ਉੱਠ ਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ ।

7ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਇਸ ਤਰ੍ਹਾਂ ਮਨੁੱਖ ਜੀਉਂਦਾ ਪ੍ਰਾਣੀ ਬਣ ਗਿਆ । 8ਤਦ ਯਹੋਵਾਹ ਪਰਮੇਸ਼ੁਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸ ਨੇ ਉਸ ਮਨੁੱਖ ਨੂੰ, ਜਿਸ ਨੂੰ ਉਸ ਨੇ ਰਚਿਆ ਸੀ, ਰੱਖ ਦਿੱਤਾ ।

9ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਦਾ ਹਰੇਕ ਰੁੱਖ ਜਿਹੜਾ ਵੇਖਣ ਵਿੱਚ ਮਨਭਾਉਣਾ ਸੀ ਅਤੇ ਜਿਸਦਾ ਫਲ ਖਾਣ ਵਿੱਚ ਚੰਗਾ ਸੀ, ਉਗਾਏ ਅਤੇ, ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਤੇ ਭਲੇ ਬੁਰੇ ਦੇ ਗਿਆਨ ਦਾ ਰੁੱਖ ਵੀ ਉਗਾਇਆ । 10ਇੱਕ ਨਦੀ ਉਸ ਬਾਗ਼ ਨੂੰ ਸਿੰਜਣ ਲਈ ਅਦਨ ਤੋਂ ਨਿਕਲੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ ।

11ਇੱਕ ਦਾ ਨਾਮ ਪੀਸੋਨ ਹੈ, ਜਿਹੜੀ ਸਾਰੇ ਹਵੀਲਾਹ ਦੇਸ਼ ਨੂੰ ਘੇਰਦੀ ਹੈ ਜਿੱਥੇ ਸੋਨਾ ਹੈ 12ਅਤੇ ਉਸ ਦੇਸ਼ ਦਾ ਸੋਨਾ ਚੰਗਾ ਹੈ, ਉੱਥੇ ਮੋਤੀ ਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ ।

13ਦੂਜੀ ਨਦੀ ਦਾ ਨਾਮ ਗੀਹੋਨ ਹੈ, ਜਿਹੜੀ ਸਾਰੇ ਕੂਸ਼ ਦੇਸ਼ ਨੂੰ ਘੇਰਦੀ ਹੈ । 14ਤੀਜੀ ਨਦੀ ਦਾ ਨਾਮ ਹਿੱਦਕਲ ਹੈ, ਜਿਹੜੀ ਅੱਸ਼ੂਰ ਦੇ ਪੂਰਬ ਵੱਲ ਵਗਦੀ ਹੈ ਅਤੇ ਚੌਥੀ ਨਦੀ ਦਾ ਨਾਮ ਫ਼ਰਾਤ ਹੈ ।

15ਯਹੋਵਾਹ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਲੈਕੇ ਅਦਨ ਦੇ ਬਾਗ਼ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ । 16ਤਦ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਆਗਿਆ ਦਿੱਤੀ ਕਿ ਤੂੰ ਬਾਗ਼ ਦੇ ਹਰੇਕ ਰੁੱਖ ਦਾ ਫਲ ਬੇਝਿਜਕ ਖਾ ਸਕਦਾ ਹੈ, 17ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ ।

18ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਇਹ ਚੰਗਾ ਨਹੀਂ ਕਿ ਮਨੁੱਖ ਇਕੱਲਾ ਰਹੇ ਇਸ ਲਈ ਮੈਂ ਉਸ ਦੇ ਲਈ ਉਸ ਦੇ ਵਰਗੀ ਇੱਕ ਸਹਾਇਕ ਬਣਾਵਾਂਗਾ । 19ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਜੋ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁੱਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ, ਉਹੀ ਉਹ ਦਾ ਨਾਮ ਹੋ ਗਿਆ । 20ਇਸ ਤਰ੍ਹਾਂ ਆਦਮੀ ਨੇ ਸਾਰੇ ਪਸ਼ੂਆਂ, ਅਕਾਸ਼ ਦੇ ਪੰਛੀਆਂ, ਅਤੇ ਜੰਗਲ ਦੇ ਸਾਰੇ ਜਾਨਵਰਾਂ ਦਾ ਨਾਮ ਰੱਖਿਆ, ਪਰ ਮਨੁੱਖ ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ ।

21ਤਦ ਯਹੋਵਾਹ ਪਰਮੇਸ਼ੁਰ ਨੇ ਮਨੁੱਖ ਨੂੰ ਗੂਹੜੀ ਨੀਂਦ ਵਿੱਚ ਪਾ ਦਿੱਤਾ, ਸੋ ਉਹ ਸੌਂ ਗਿਆ ਅਤੇ ਪਰਮੇਸ਼ੁਰ ਨੇ ਉਹ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਹ ਦੀ ਥਾਂ ਮਾਸ ਭਰ ਦਿੱਤਾ । 22ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਮਨੁੱਖ ਵਿੱਚੋਂ ਕੱਢੀ ਸੀ, ਇੱਕ ਨਾਰੀ ਬਣਾਈ ਅਤੇ ਉਹ ਨੂੰ ਮਨੁੱਖ ਕੋਲ ਲੈ ਆਇਆ । 23ਤਦ ਮਨੁੱਖ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ, ਮੇਰੇ ਮਾਸ ਵਿੱਚੋਂ ਮਾਸ ਹੈ ਇਸ ਕਾਰਨ ਇਹ ਨਾਰੀ ਅਖਵਾਏਗੀ ਕਿਉਂ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ ।

24ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ । ਆਦਮੀ ਅਤੇ ਉਹ ਦੀ ਪਤਨੀ ਦੋਵੇਂ ਨੰਗੇ ਸਨ, ਪਰ ਉਹ ਸੰਗਦੇ ਨਹੀਂ ਸਨ ।

25

Copyright information for PanULB